Wednesday, March 12, 2014

ਕੇਸਰੀ ਰੰਗ ਬਾਰੇ ਮੇਰਾ ਚੈਲੰਜ (ਡਾਕਟਰ ਹਰਜਿੰਦਰ ਸਿੰਘ ਦਿਲਗੀਰ)

ਕੇਸਰੀ ਰੰਗ ਬਾਰੇ ਮੇਰਾ ਚੈਲੰਜ (ਡਾਕਟਰ ਹਰਜਿੰਦਰ ਸਿੰਘ ਦਿਲਗੀਰ)

ਕੇਸਰੀ ਰੰਗ ਬਾਰੇ ਮੇਰਾ ਚੈਲੰਜ

(ਡਾਕਟਰ ਹਰਜਿੰਦਰ ਸਿੰਘ ਦਿਲਗੀਰ)

ਮੇਰਾ ਚੈਲੰਜ ਹੈ ਕਿ ਜੇ ਕੋਈ ਮੈਨੂੰ ਗੁਰੂ ਕਾਲ, ਮਿਸਲ ਕਾਲ ਜਾਂ ਸਿੱਖ ਫ਼ੌਜਾਂ ਵੱਲੋਂ ਨੀਲੇ ਦੀ ਜਗਹ ਕੋਈ ਹੋਰ ਨਿਸ਼ਾਨ ਸਾਹਿਬ ਦਾ ਹਵਾਲਾ, 1850 ਤੋਂ ਪਹਿਲਾਂ ਦੀ, ਕਿਸੇ ਵੀ ਕਿਤਾਬ ਵਿਚ ਦਿਖਾ ਦੇਵੇ ਤਾਂ ਮੈਂ ਉਸ ਦਾ ਗ਼ੁਲਾਮ ਬਣ ਜਾਵਾਂਗਾ। 

ਕੁਝ ਚਿਰ ਤੋਂ, ਕੁਝ ਅਣਜਾਨ ਤੇ ਭੋਲੇ ਲੋਕਾਂ ਨੇ “ਕੇਸਰੀ” ਰੰਗ ‘ਤੇ ਬਹੁਤ ਜ਼ੋਰ ਦੇਣਾ ਸ਼ੁਰੂ ਕੀਤਾ ਹੋਇਆ ਹੈ। ਸ਼ਾਇਦ ਬਹੁਤਾ ਚਰਚਾ ਬਲਵੰਤ ਸਿੰਘ ਰਾਜੋਆਣਾ ਦੀ ਗ਼ਲਤੀ ਕਰ ਕੇ ਹੋਇਆ ਸੀ ਜਿਸ ਨੇ ਮਾਰਚ 2012 ਵਿਚ “ਕੇਸਰੀ” ਰੰਗ ਦਾ ਬਹੁਤ ਪਰਚਾਰ ਕੀਤਾ ਸੀ। ਇਸੇ ਸਮੇਂ ਵਿਚ ਕੁਝ ਲੋਕਾਂ ਨੇ “ਕੇਸਰੀ ਲਹਿਰ” ਅਤੇ ਕੁਝ ਨੇ “ਕੇਸਰੀ ਸਿੱਖ ਸਟੁਡੈਂਟ ਫ਼ੈਰਡੇਸ਼ਨ” ਵੀ ਕਾਇਮ ਕੀਤੀ ਸੀ; ਪਰ ਉਹ ਦੋਵੇਂ ਹੁਣ ਕੁਝ ਚਿਰ ਤੋਂ ਨਜ਼ਰ ਨਹੀਂ ਆ ਰਹੀਆਂ। ਸ਼ਾਇਦ ਉਨ੍ਹਾਂ ਨੇ “ਸਿੱਖਾਂ ਦਾ ਰੰਗ ਨੀਲਾ ਕਿ ਪੀਲਾ” ਵਾਲਾ ਮੇਰਾ ਮਜ਼ਮੂਨ ਪੜ੍ਹ ਕੇ ਗ਼ਲਤੀ ਸੁਧਾਰਨ ਦਾ ਸੋਚ ਲਿਆ ਹੋਵੇਗਾ। ਜੇ ਇਹ ਗੱਲ ਹੈ ਤਾਂ ਉਨ੍ਹਾਂ ਦਾ ਸ਼ੁਕਰੀਆ ਅਤੇ ਮੈਨੂੰ ਵੀ ਤਸੱਲੀ ਹੈ ਕਿ ਸਿੱਖਾਂ ਨੂੰ ਸੁਮੱਤ ਆਉਣੀ ਸ਼ੁਰੂ ਹੋ ਗਈ ਹੈ ਤੇ ਉਹ ਗ਼ਲਤੀ ਸੁਧਾਰਨ ਵਾਸਤੇ ਵੀ ਤਿਆਰ ਹੋ ਜਾਂਦੇ ਹਨ।

“ਕੇਸਰੀ” ਰੰਗ ਹਿੰਦੂ ਰਾਜਪੂਤਾਂ ਦਾ ਹੈ, ਭਗਵਾ ਹਿੰਦੂ ਉਦਾਸੀਆਂ ਦਾ, ਭਗਵੇ ਤੇ ਕੇਸਰੀ ਦੇ ਮੇਲ ਵਾਲਾ ਲਸੂੜੀ ਜਿਹਾ ਰੰਗ ਹਿੰਦੂ ਨਿਰਮਲਿਆਂ ਦਾ ਹੈ; ਇੰਞ ਹੀ ਲਾਲ ਕਮਿਊਨਿਸਟਾਂ ਦਾ ਤੇ ਹਰਾ ਮੁਸਲਮਾਨਾਂ ਦਾ ਹੈ। ਸਿੱਖਾਂ ਦਾ ਰੰਗ ਨੀਲਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਦੀ ਤਵਾਰੀਖ਼ ਵਿਚ ਸਾਫ਼ ਲਿਖਿਆ ਮਿਲਦਾ ਹੈ ਕਿ ਸਿੱਖ ਫ਼ੌਜਾਂ ਨੀਲਾ ਨਿਸ਼ਾਨ ਫੜ ਕੇ ਜੂਝਦੀਆਂ ਹੁੰਦੀਆਂ ਸਨ। ਪੁਰਾਣੇ ਸੋਮਿਆਂ ਵਿਚ ਇਹ ਸਾਫ਼ ਲਿਖਿਆ ਮਿਲਦਾ ਹੈ। ਮਿਸਲ ਕਾਲ ਵੇਲੇ ਵੀ ਸਿੱਖ ਫ਼ੌਜਾਂ ਦਾ ਨਿਸ਼ਾਨ ਸਾਹਿਬ ਨੀਲਾ ਸੀ। ਨੀਲਾ ਨਿਸ਼ਾਨ ਸਾਹਿਬ ਲੈ ਕੇ ਫ਼ੌਜ ਦੀ ਅਗਵਾਈ ਕਰਨ ਵਾਲੀ ਮਿਲਸ ਨੂੰ ਨਿਸ਼ਾਨਵਾਲੀਆ ਮਿਸਲ ਕਹਿੰਦੇ ਹਨ। ਅੱਜ ਵੀ ਉਸ ਮਿਸਲ ਦੇ ਜਥੇ (ਨਿਹੰਗ ਜਥੇ) ਕਾਇਮ ਹਨ ਤੇ ਉਨ੍ਹਾਂ ਦੇ ਨਿਸ਼ਾਨ ਸਾਹਿਬ ਨੀਲੇ ਹੀ ਹਨ।

11 ਮਾਰਚ 1783 ਦੇ ਦਿਨ ਦਿੱਲੀ ਵਿਚ ਲਾਲ ਕਿਲ੍ਹੇ ‘ਤੇ ਵੀ ਨੀਲਾ ਨਿਸ਼ਾਨ ਸਾਹਿਬ ਹੀ ਲਹਿਰਾਇਆ ਗਿਆ ਸੀ।

ਜਦ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ‘ਤੇ ਡੋਗਰਿਆਂ ਅਤੇ ਬ੍ਰਾਹਮਣਾਂ ਦਾ ਕਬਜ਼ਾ ਹੋ ਗਿਆ ਤਾਂ ਫ਼ੌਜ ਦਾ ਮੁਖੀ ਤੇਜ ਰਾਮ ਮਿਸਰ-ਬ੍ਰਾਹਮਣ ਅਤੇ ਪ੍ਰਾਈਮ ਮਨਿਸਟਰ ਲਾਲ ਚੰਦ ਮਿਸਰ-ਬ੍ਰਾਹਮਣ ਬਣ ਗਏ (ਦੋਵੇਂ ੳਾਪਣੇ ਨਾਂ ਨਾਲ ਸਿੱਖ ਲਿਖਣ ਲਗ ਪਏ ਸਨ) ਤਾਂ ਉਨ੍ਹਾਂ ਨੇ ਚਿੱਟੇ ਅਤੇ ਰਾਜਪੂਤੀ ਰੰਗ ਦੇ ਝੰਡੇ ਬਣਾਉਣੇ ਸ਼ੁਰੂ ਕਰ ਦਿੱਤੇ।ਜਦ ਕਿ ਸਿੱਖ ਫ਼ੌਜਾਂ (ਨਿਹੰਗ ਸਿੰਘਾਂ) ਦਾ ਨਿਸ਼ਾਨ ਸਾਹਿਬ ਗੁਰੂ ਸਾਹਿਬ ਵਾਲਾ ਹੀ ਰਿਹਾ।

ਦਰਬਾਰ ਸਾਹਿਬ ‘ਤੇ ਭਗਵਾ ਰੰਗ ਉਦਾਸੀ-ਨਿਰਮਲਾ ਕਬਜ਼ੇ ਦੌਰਾਨ ਸ਼ੁਰੂ ਹੋਇਆ ਸੀ। ਮਗਰੋਂ ਇਹ ਬਸੰਤੀ ਤੇ ਫਿਰ ਕੇਸਰੀ ਬਣ ਗਿਆ।ਹਾਲਾਂ ਕਿ ਅਕਾਲੀ ਲਹਿਰ ਹੇਠ ਨੀਲੀ ਦਸਤਾਰ (ਅਕਾਲੀ ਫ਼ੂਲਾ ਸਿੰਘ ਦੇ ਝੰਡੇ ਦੀ ਰਿਵਾਇਤ ਵਿਚ) ਦੀ ਲਹਿਰ ਚੱਲੀ ਸੀ। ਪਰ, ਜਦ ਅਕਾਲੀ ਲਹਿਰ ਦੌਰਾਨ ਦਰਬਾਰ ਸਾਹਿਬ ‘ਤੇ ਕਬਜ਼ਾ ਹੋਇਆ ਤਾਂ ਹੋਰ ਦਰਜਨਾਂ ਬ੍ਰਾਹਮਣੀ ਰਿਵਾਇਤਾਂ ਦੇ ਨਾਲ-ਨਾਲ ਇਹ ਬ੍ਰਾਹਮਣੀ ਝੰਡਾ ਵੀ ਦਰਬਾਰ ਸਾਹਿਬ ‘ਤੇ ਕਾਇਮ ਰਿਹਾ।

ਨੀਲਾ ਤੋਂ ਕੇਸਰੀ ਝੰਡੇ ਵੱਲ ਤੋਰਨਾ ਭਾਵੇਂ ਉਦਾਸੀਆਂ ਤੋਂ ਸ਼ੁਰੂ ਹੋਇਆ ਸੀ ਅਤੇ ਹੁਣ ਇਸ ਦਾ ਪ੍ਰਚਾਰ ਕਰਨਾ ਆਰ.ਐਸ.ਐਸ. ਦੀ ਪਲਾਨਿੰਗ ਦਾ ਮੁਖ ਏਜੰਡਾ ਹੈ। ਕੁਝ ਭੋਲੇ ਸਿੱਖ ਇਸ ਚਾਲ ਨੂੰ ਸਮਝ ਨਹੀਂ ਸਕੇ ਅਤੇ ਗ਼ਲਤੀ ਨਾਲ ਇਸ ਸਾਜ਼ਿਸ਼ ਦਾ ਹਿੱਸਾ ਬਣ ਰਹੇ ਹਨ।

ਮੇਰਾ ਚੈਲੰਜ ਹੈ ਕਿ ਜੇ ਕੋਈ ਮੈਨੂੰ ਗੁਰੂ ਕਾਲ, ਮਿਸਲ ਕਾਲ ਜਾਂ ਸਿੱਖ ਫ਼ੌਜਾਂ ਵੱਲੋਂ ਨੀਲੇ ਦੀ ਜਗਹ ਕੋਈ ਹੋਰ ਨਿਸ਼ਾਨ ਸਾਹਿਬ ਦਾ ਹਵਾਲਾ, 1850 ਤੋਂ ਪਹਿਲਾਂ ਦੀ, ਕਿਸੇ ਵੀ ਕਿਤਾਬ ਵਿਚ ਦਿਖਾ ਦੇਵੇ ਤਾਂ ਮੈਂ ਉਸ ਦਾ ਗ਼ੁਲਾਮ ਬਣ ਜਾਵਾਂਗਾ। 

ਸਿੱਖਾਂ ਨੂੰ ਚਾਹੀਦਾ ਹੈ ਕਿ ਗੁਰਦੁਆਰਿਆਂ ਤੋਂ ਰਾਜਪੂਤਾਂ ਦੇ ਝੰਡੇ ਲਾਹ ਕੇ ਗੁਰੂ ਦੇ ਨੀਲੇ ਨਿਸ਼ਾਨ ਸਾਹਿਬ ਫਹਿਰਾਉਣ।

ਦੇਖੋ ਕਿੰਨੇ ਕੂ ਪ੍ਰਬੰਧਕ ਗੁਰੂ ਦੇ ਸਿੱਖ ਨਿਕਲਦੇ ਹਨ ਤੇ ਕਿੰਨੇ ਰਾਜਪੂਤਾਂ ਦੇ ਸਿੱਖ ਰਹਿੰਦੇ ਹਨ!

No comments:

Post a Comment